ਇਸ ਸਫ਼ੇ ’ਤੇ
ਇੱਥੇ ਨਸਲੀ ਭਾਈਚਾਰਿਆਂ ਦੁਆਰਾ ਅਨੁਭਵ ਕੀਤੀ ਗਈ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਕੁਝ ਉਦਾਹਰਣਾਂ ਹਨ। ਇਹ ਉਦਾਹਰਨਾਂ ਉਹਨਾਂ ਅਨੁਭਵਾਂ ਉੱਤੇ ਅਧਾਰਤ ਹਨ ਜੋ ਨਸਲੀ ਭਾਈਚਾਰਿਆਂ ਨੇ ਨਸਲੀ ਭਾਈਚਾਰਿਆਂ ਲਈ ਮੰਤਰਾਲੇ ਨਾਲ ਸਾਂਝੇ ਕੀਤੇ ਹਨ।
ਇਹਨਾਂ ਉਦਾਹਰਨਾਂ ਵਿੱਚ "ਵਿਦੇਸ਼ੀ ਰਾਜ" ਦਾ ਅਰਥ ਨਿਊਜ਼ੀਲੈਂਡ ਤੋਂ ਇਲਾਵਾ ਕੋਈ ਹੋਰ ਦੇਸ਼ ਹੈ। ਇਹ ਸ਼ਬਦ ਨਿਊਜ਼ੀਲੈਂਡ ਤੋਂ ਬਾਹਰਲੇ ਦੇਸ਼ਾਂ ਲਈ ਵਰਤਿਆ ਜਾਂਦਾ ਹੈ।
ਉਦਾਹਰਨ 1
ਭਾਈਚਾਰੇ ਦੇ ਮੈਂਬਰ ਅਕਸਰ ਆਪਣੇ ਦੋਸਤਾਂ ਅਤੇ ਪਰਿਵਾਰਾਂ ਨੂੰ ਮਿਲਣ ਲਈ ਆਪਣੇ ਘਰੇਲੂ ਦੇਸ਼ਾਂ ਦੀ ਯਾਤਰਾ ਕਰਨਾ ਚਾਹੁੰਦੇ ਹਨ। ਇਸ ਦੇ ਲਈ, ਉਹਨਾਂ ਨੂੰ ਕੌਂਸੂਲਰ ਸੇਵਾਵਾਂ ਦੀ ਵਰਤੋਂ ਕਰਨ ਦੀ ਲੋੜ ਹੋ ਸਕਦੀ ਹੈ। ਇਹ ਸੇਵਾਵਾਂ ਕਿਸੇ ਦੇਸ਼ ਦੇ ਦੂਤਾਵਾਸ ਜਾਂ ਕੌਂਸੂਲੇਟ ਦੁਆਰਾ ਵਿਦੇਸ਼ਾਂ ਵਿੱਚ ਉਸਦੇ ਨਾਗਰਿਕਾਂ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਅਤੇ ਇਹਨਾਂ ਵਿੱਚ ਪਾਸਪੋਰਟ, ਵੀਜ਼ਾ, ਯਾਤਰਾ ਦਸਤਾਵੇਜ਼ ਜਾਰੀ ਕਰਨਾ ਅਤੇ ਹੋਰ ਕਾਨੂੰਨੀ ਮਾਮਲਿਆਂ ਨੂੰ ਸੰਭਾਲਣਾ ਸ਼ਾਮਲ ਹੈ।
ਨਿਊਜ਼ੀਲੈਂਡ ਵਿੱਚ ਇੱਕ ਨਸਲੀ ਭਾਈਚਾਰੇ ਦੇ ਮੈਂਬਰਾਂ ਨੂੰ ਕੌਂਸੂਲਰ ਸਟਾਫ ਦੁਆਰਾ ਕਿਹਾ ਗਿਆ ਸੀ ਕਿ ਜੇਕਰ ਉਹ ਨਿਊਜ਼ੀਲੈਂਡ ਵਿੱਚ ਉਹਨਾਂ ਸਮੂਹਾਂ ਜਾਂ ਲੋਕਾਂ ਨਾਲ ਜੁੜਦੇ ਹਨ ਜੋ ਉਸ ਵਿਦੇਸ਼ੀ ਰਾਜ ਦੀ ਆਲੋਚਨਾ ਕਰਦੇ ਹਨ ਤਾਂ ਉਹਨਾਂ ਨੂੰ ਪਾਸਪੋਰਟ ਨਵਿਆਉਣ ਜਾਂ ਵੀਜ਼ਾ ਨਹੀਂ ਮਿਲੇਗਾ। ਇਸ ਨਾਲ ਭਾਈਚਾਰਾ ਆਪਣੇ ਵਿਚਾਰ ਪ੍ਰਗਟ ਕਰਨ, ਕੁਝ ਲੋਕਾਂ ਨਾਲ ਗੱਲ ਕਰਨ, ਵਿਰੋਧ ਕਰਨ ਜਾਂ ਸਮੂਹਾਂ ਵਿੱਚ ਸ਼ਾਮਲ ਹੋਣ ਵਿੱਚ ਅਸਮਰੱਥ ਮਹਿਸੂਸ ਕਰਦਾ ਹੈ। ਇਹ ਪਾਬੰਦੀਆਂ ਨਿਊਜ਼ੀਲੈਂਡ ਵਿੱਚ ਭਾਈਚਾਰੇ ਨੂੰ ਵਿਦੇਸ਼ੀ ਰਾਜ ਦੁਆਰਾ ਘੇਰਿਆ ਹੋਇਆ ਅਤੇ ਨਿਯੰਤਰਿਤ ਮਹਿਸੂਸ ਕਰਦੀਆਂ ਹਨ। ਜਦੋਂ ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਮਿਲਣ ਲਈ ਯਾਤਰਾ ਨਹੀਂ ਕਰ ਸਕਦੇ, ਤਾਂ ਇਸਦਾ ਉਹਨਾਂ ਦੇ ਪਰਿਵਾਰਾਂ ਅਤੇ ਉਹਨਾਂ ਦੀ ਤੰਦਰੁਸਤੀ ਉੱਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ।
ਉਦਾਹਰਨ 2
ਇੱਕ ਭਾਈਚਾਰੇ ਵਿੱਚ, ਇੱਕ ਪੂਜਾ ਸਥਾਨ ਨੂੰ ਵਿਦੇਸ਼ੀ ਦਖਲਅੰਦਾਜ਼ੀ ਦੁਆਰਾ ਨਿਸ਼ਾਨਾ ਬਣਾਇਆ ਗਿਆ ਸੀ। ਇੱਕ ਨਵਾਂ ਮੈਂਬਰ, ਜੋ ਬਹੁਤ ਧਾਰਮਿਕ ਜਾਪਦਾ ਸੀ, ਭਾਈਚਾਰਿਆਂ ਦੀਆਂ ਧਾਰਮਿਕ ਗਤੀਵਿਧੀਆਂ ਵਿੱਚ ਬਹੁਤ ਜ਼ਿਆਦਾ ਸ਼ਾਮਲ ਹੋ ਗਿਆ। ਉਨ੍ਹਾਂ ਨੇ ਰਾਜਨੀਤੀ ਬਾਰੇ ਬਹੁਤ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਲੋਕਾਂ ਨੂੰ ਆਪਣੇ ਮੂਲ ਦੇਸ਼ ਦੀ ਸਰਕਾਰ ਦਾ ਸਮਰਥਨ ਕਰਨ ਲਈ ਕਿਹਾ। ਉਹ ਚਾਹੁੰਦੇ ਸਨ ਕਿ ਉਪਦੇਸ਼ ਰਾਜਨੀਤੀ ਬਾਰੇ ਹੋਣ। ਨਵੇਂ ਮੈਂਬਰ ਨੇ ਲੋਕਾਂ ਨੂੰ ਵਿਦੇਸ਼ੀ ਰਾਜ ਦੀ ਆਲੋਚਨਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਉਨ੍ਹਾਂ ਨੂੰ ਇਹ ਸਭ ਵਿਦੇਸ਼ੀ ਰਾਜ ਵੱਲੋਂ ਕਰਨ ਲਈ ਕਿਹਾ ਗਿਆ ਸੀ।
ਵਿਦੇਸ਼ੀ ਰਾਜ ਦੀ ਆਲੋਚਨਾ ਕਰਨ ਵਾਲੇ ਭਾਈਚਾਰੇ ਦੇ ਮੈਂਬਰਾਂ ਨੂੰ, ਜਦੋਂ ਨਵਾਂ ਮੈਂਬਰ ਮੌਜੂਦ ਸੀ, ਟੈਕਸਟ ਸੁਨੇਹਿਆਂ ਅਤੇ ਸੋਸ਼ਲ ਮੀਡੀਆ ਰਾਹੀਂ ਗੁਮਨਾਮ ਧਮਕੀਆਂ ਮਿਲੀਆਂ। ਇਹ ਨਵੇਂ ਮੈਂਬਰ ਦੇ ਆਉਣ ਤੋਂ ਪਹਿਲਾਂ ਕਦੇ ਨਹੀਂ ਹੋਇਆ ਸੀ। ਭਾਈਚਾਰੇ ਨੂੰ ਸ਼ੱਕ ਹੋਇਆ ਕਿ ਨਵਾਂ ਮੈਂਬਰ ਵਿਦੇਸ਼ੀ ਰਾਜ ਨੂੰ ਵਾਪਸ ਰਿਪੋਰਟ ਕਰ ਰਿਹਾ ਸੀ। ਉਨ੍ਹਾਂ ਨੇ ਦੇਖਿਆ ਕਿ ਇਹ ਮਸਲੇ ਉਦੋਂ ਹੀ ਸ਼ੁਰੂ ਹੋਏ ਜਦੋਂ ਨਵੇਂ ਮੈਂਬਰ ਸ਼ਾਮਲ ਹੋਏ ਅਤੇ ਲੋਕਾਂ ਨੂੰ ਵਿਦੇਸ਼ੀ ਰਾਜ ਦਾ ਸਮਰਥਨ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਥਿਤੀ ਨੇ ਲੋਕਾਂ ਨੂੰ ਇੱਕ ਦੂਜੇ ਪ੍ਰਤੀ ਅਸੁਰੱਖਿਅਤ ਅਤੇ ਬੇਇਤਬਾਰਾ ਮਹਿਸੂਸ ਕਰਵਾਇਆ। ਭਾਈਚਾਰੇ ਲਈ ਇਸ ਪੂਜਾ ਸਥਾਨ ਉੱਤੇ ਇਕੱਠੇ ਹੋਣਾ ਅਤੇ ਆਪਣੇ ਵਿਸ਼ਵਾਸ ਉੱਤੇ ਧਿਆਨ ਕੇਂਦਰਤ ਕਰਨਾ ਮੁਸ਼ਕਲ ਹੋ ਗਿਆ।
ਉਦਾਹਰਨ 3
ਇੱਕ ਭਾਈਚਾਰੇ ਵਿੱਚ, ਲੋਕਾਂ ਨੇ ਆਪਣੇ ਭਾਈਚਾਰੇ ਦੇ ਮੈਂਬਰਾਂ ਵਿੱਚੋਂ ਇੱਕ ਵਲੋਂ ਸ਼ੱਕੀ ਵਿਵਹਾਰ ਦੇਖਿਆ। ਇਹ ਵਿਅਕਤੀ ਹਮੇਸ਼ਾ ਸਮਾਜ ਦੇ ਹੋਰ ਲੋਕਾਂ ਦੇ ਰਾਜਨੀਤਿਕ ਵਿਚਾਰਾਂ ਅਤੇ ਗਤੀਵਿਧੀਆਂ ਬਾਰੇ ਪੁੱਛਦਾ ਜਾਪਦਾ ਸੀ। ਭਾਈਚਾਰੇ ਨੂੰ ਪਤਾ ਲੱਗਾ ਕਿ ਇਸ ਵਿਅਕਤੀ ਨੂੰ ਵਿਦੇਸ਼ੀ ਰਾਜ ਨੇ ਆਪਣੇ ਮੂਲ ਦੇਸ਼ ਦੀ ਸਰਕਾਰ ਦੀ ਆਲੋਚਨਾ ਕਰਨ ਵਾਲੇ ਲੋਕਾਂ ਬਾਰੇ ਨਿਊਜ਼ੀਲੈਂਡ ਵਿੱਚ ਆਪਣੇ ਦੂਤਾਵਾਸ ਨੂੰ ਰਿਪੋਰਟ ਕਰਨ ਲਈ ਕਿਹਾ ਸੀ।
ਭਾਈਚਾਰੇ ਦੇ ਕੁਝ ਮੈਂਬਰਾਂ ਨੇ ਜਿਨ੍ਹਾਂ ਨੇ ਇਸ ਵਿਅਕਤੀ ਨਾਲ ਗੱਲ ਕੀਤੀ ਸੀ ਅਤੇ ਵਿਦੇਸ਼ੀ ਰਾਜ ਦੀ ਆਲੋਚਨਾ ਕੀਤੀ ਸੀ, ਉਹਨਾਂ ਨੂੰ ਅਚਾਨਕ ਸਮੱਸਿਆਵਾਂ ਹੋਈਆਂ ਸਨ, ਜਿਵੇਂ ਕਿ ਵੀਜ਼ਾ ਦੇ ਮਸਲੇ ਅਤੇ ਉਹਨਾਂ ਦੇ ਮੂਲ ਦੇਸ਼ ਵਿੱਚ ਪਹੁੰਚਣ 'ਤੇ ਹਵਾਈ ਅੱਡੇ ਉੱਤੇ ਸਵਾਲ ਕਰਨਾ। ਅਜਿਹਾ ਉਨ੍ਹਾਂ ਨਾਲ ਪਹਿਲਾਂ ਕਦੇ ਨਹੀਂ ਹੋਇਆ ਸੀ। ਉਹ ਸੋਚਦੇ ਹਨ ਕਿ ਇਹ ਸਮੱਸਿਆਵਾਂ ਇਸ ਲਈ ਵਾਪਰੀਆਂ ਕਿਉਂਕਿ ਉਸ ਭਾਈਚਾਰੇ ਦੇ ਮੈਂਬਰ ਨਾਲ ਉਨ੍ਹਾਂ ਦੀ ਗੱਲਬਾਤ ਦੀ ਸੂਚਨਾ ਦੂਤਾਵਾਸ ਨੂੰ ਦਿੱਤੀ ਗਈ ਸੀ। ਇਸ ਨਾਲ ਭਾਈਚਾਰੇ ਦੇ ਲੋਕ ਡਰ ਗਏ ਅਤੇ ਬੇਇਤਬਾਰੀ ਪੈਦਾ ਹੋ ਗਈ, ਇਸ ਲਈ ਉਨ੍ਹਾਂ ਨੇ ਆਪਣੇ ਸੱਚੇ ਵਿਚਾਰ ਪ੍ਰਗਟ ਕਰਨੇ ਬੰਦ ਕਰ ਦਿੱਤੇ।
ਉਦਾਹਰਨ 4
ਇੱਕ ਕਾਰਕੁਨ ਜਿਸਨੇ ਆਪਣੇ ਮੂਲ ਦੇਸ਼ ਦੀ ਆਲੋਚਨਾ ਕੀਤੀ ਸੀ, ਨੂੰ ਅਧਿਕਾਰੀਆਂ ਦੁਆਰਾ ਨੁਕਸਾਨ ਪਹੁੰਚਾਇਆ ਗਿਆ ਸੀ ਜਦੋਂ ਉਹ ਉਸ ਦੇਸ਼ ਵਿੱਚ ਵਾਪਸ ਗਏ ਸਨ। ਨਿਊਜ਼ੀਲੈਂਡ ਦੇ ਭਾਈਚਾਰੇ ਨੇ ਇਸ ਬਾਰੇ ਸੁਣਿਆ ਅਤੇ ਉਹਨਾਂ ਦੇ ਕਿਸੇ ਜਾਣਨ ਵਾਲੇ ਨਾਲ ਅਜਿਹਾ ਹੋਣ ਬਾਰੇ ਬਹੁਤ ਚਿੰਤਤ ਸੀ।
ਕੁਝ ਮਹੀਨਿਆਂ ਬਾਅਦ ਨਿਊਜ਼ੀਲੈਂਡ ਵਿੱਚ, ਇੱਕ ਭਾਈਚਾਰੇ ਦੇ ਮੈਂਬਰ ਨੂੰ ਧਮਕੀ ਭਰੇ ਟੈਕਸਟ ਮਿਲੇ ਸਨ ਜਿਸ ਵਿੱਚ ਉਹਨਾਂ ਨੂੰ ਵਿਦੇਸ਼ ਯਾਤਰਾ ਕਰਨ ਉੱਤੇ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਗਈ। ਉਹ ਨਿਊਜ਼ੀਲੈਂਡ ਵਿੱਚ ਰਹਿੰਦੇ ਹੋਏ ਆਪਣੇ ਮੂਲ ਦੇਸ਼ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਚਿੰਤਾਵਾਂ ਬਾਰੇ ਬੋਲ ਰਹੇ ਸਨ। ਹੁਣ, ਉਹ ਆਪਣੇ ਪਰਿਵਾਰ ਨੂੰ ਮਿਲਣ ਅਤੇ ਉਹਨਾਂ ਦੇਸ਼ਾਂ ਵਿੱਚ ਰੁਕਣ ਬਾਰੇ ਬਹੁਤ ਚਿੰਤਤ ਹਨ ਕਿ ਉਹਨਾਂ ਦੇ ਮੂਲ ਦੇਸ਼ ਦੀ ਸਰਕਾਰ ਤੋਂ ਗ੍ਰਿਫਤਾਰੀ ਵਾਰੰਟਾਂ ਉੱਤੇ ਕਾਰਵਾਈ ਹੋ ਸਕਦੀ ਹੈ।
ਉਨ੍ਹਾਂ ਦੇ ਮੂਲ ਦੇਸ਼ ਦੇ ਸਰਕਾਰੀ ਅਧਿਕਾਰੀ ਉਸ ਦੇਸ਼ ਵਿੱਚ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਗਏ, ਅਤੇ ਹੁਣ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਨਿਊਜ਼ੀਲੈਂਡ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਬੋਲਣਾ ਬੰਦ ਕਰਨ ਲਈ ਕਿਹਾ ਹੈ। ਇਸ ਦਬਾਅ ਨੇ ਭਾਈਚਾਰੇ ਦੇ ਮੈਂਬਰ ਨੂੰ ਆਪਣੇ ਪਰਿਵਾਰ ਨਾਲ ਸੰਪਰਕ ਬੰਦ ਕਰਵਾ ਦਿੱਤਾ, ਕਿਉਂਕਿ ਉਹ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਡਰਦੇ ਹਨ। ਉਹ ਨਿਊਜ਼ੀਲੈਂਡ ਵਿੱਚ ਆਪਣੀ ਸੁਰੱਖਿਆ ਅਤੇ ਬੋਲਣ ਦੀ ਆਜ਼ਾਦੀ ਬਾਰੇ ਵੀ ਚਿੰਤਤ ਹਨ।
ਉਦਾਹਰਨ 5
ਇੱਕ ਭਾਈਚਾਰੇ ਦਾ ਮੈਂਬਰ ਜੋ ਅਕਸਰ ਸੋਸ਼ਲ ਮੀਡੀਆ ਉੱਤੇ ਕਿਸੇ ਵਿਦੇਸ਼ੀ ਰਾਜ ਦੀ ਜਨਤਕ ਤੌਰ ਉੱਤੇ ਆਲੋਚਨਾ ਕਰਦਾ ਹੈ, ਵਿਦੇਸ਼ੀ ਦਖਲਅੰਦਾਜ਼ੀ ਦਾ ਅਨੁਭਵ ਕਰਦਾ ਹੈ। ਉਹਨਾਂ ਦੀ ਵਿਅਕਤੀਗਤ ਜਾਣਕਾਰੀ ਜਿਵੇਂ ਉਹਨਾਂ ਦਾ ਪਤਾ, ਫ਼ੋਨ ਨੰਬਰ, ਅਤੇ ਈਮੇਲ, ਔਨਲਾਈਨ ਪੋਸਟ ਕੀਤੀ ਗਈ ਸੀ—ਇਸ ਨੂੰ ਡੌਕਸਿੰਗ ਕਿਹਾ ਜਾਂਦਾ ਹੈ। ਜਿਨ੍ਹਾਂ ਲੋਕਾਂ ਨੇ ਡੌਕਸਿੰਗ ਕੀਤੀ ਸੀ, ਉਨ੍ਹਾਂ ਨੂੰ ਵਿਦੇਸ਼ ਰਾਜ ਨੇ ਅਜਿਹਾ ਕਰਨ ਲਈ ਕਿਹਾ ਸੀ। ਭਾਈਚਾਰੇ ਦੇ ਮੈਂਬਰ ਨੂੰ ਧਮਕੀ ਭਰੇ ਫੋਨ ਕਾਲ ਅਤੇ ਮੈਸੇਜ ਆਏ। ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਵੀ ਕਈ ਅਪਮਾਨਜਨਕ ਟਿੱਪਣੀਆਂ ਮਿਲ ਰਹੀਆਂ ਹਨ। ਭਾਈਚਾਰੇ ਦੇ ਮੈਂਬਰ ਨੇ ਬਹੁਤ ਡਰਿਆ ਹੋਇਆ ਅਤੇ ਅਸੁਰੱਖਿਅਤ ਮਹਿਸੂਸ ਕੀਤਾ।
ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਡੌਕਸਿੰਗ ਨਿਊਜ਼ੀਲੈਂਡ ਦੇ ਲੋਕਾਂ ਵਲੋਂ ਕੀਤੀ ਗਈ ਸੀ ਜੋ ਵਿਦੇਸ਼ੀ ਰਾਜ ਲਈ ਕੰਮ ਕਰ ਰਹੇ ਸਨ। ਭਾਈਚਾਰੇ ਦੇ ਮੈਂਬਰ ਨੂੰ ਡਰਾਉਣ ਲਈ ਡੌਕਸ ਕੀਤਾ ਗਿਆ ਸੀ, ਇਸ ਲਈ ਕਿ ਉਹ ਸੋਸ਼ਲ ਮੀਡੀਆ ਉੱਤੇ ਵਿਦੇਸ਼ੀ ਰਾਜ ਦੀ ਜਨਤਕ ਤੌਰ ਉੱਤੇ ਆਲੋਚਨਾ ਕਰਨਾ ਬੰਦ ਕਰ ਦੇਣਗੇ। ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਵਿਚਾਰ ਪ੍ਰਗਟ ਕਰਨੇ ਅਤੇ ਬੋਲਣਾ ਬੰਦ ਕਰ ਦਿੱਤਾ।